ਕਰਤਾਰਪੁਰ ਲਾਂਘੇ ਲਈ ਚੱਲ ਰਹੇ ਕੰਮ ਨੇ ਫੜੀ ਰਫ਼ਤਾਰ 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਲਈ ਲਾਂਘਾ ਖੋਲ੍ਹੇ ਜਾਣ ਕਰਕੇ ਇਹ ਇਲਾਹੀ ਪ੍ਰਾਜੈਕਟ ਬਣ ਚੁੱਕਾ ਹੈ, ਜਿਸ 'ਤੇ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਅਤੇ ਸ਼ਰਧਾਲੂਆਂ ਨੂੰ ਇਸ ਦੇ ਮੁਕੰਮਲ ਹੋਣ ਬਾਰੇ ਜਾਣਕਾਰੀ ਪਹੁੰਚਾਉਣ ਲਈ 'ਅਜੀਤ' ਦੀ ਟੀਮ ਕਰਤਾਰਪੁਰ ਸਾਹਿਬ ਲਾਂਘੇ ਦੇ ਸਥਾਨ 'ਤੇ ਪਹੁੰਚੀ ਅਤੇ ਵੇਖਿਆ ਕਿ ਮੁੱਖ ਮਾਰਗਾਂ ਤੋਂ ਜ਼ੀਰੋ ਲਾਇਨ ਲਾਂਘੇ ਤੱਕ ਭਾਰਤ ਵਾਲੇ ਪਾਸੇ 3390 ਮੀਟਰ ਲੰਬੀ ਸੜਕ ਦਾ ਨਿਰਮਾਣ ਲਗਪਗ ਪੂਰਾ ਹੋ ਚੁੱਕਾ ਹੈ, ਜੋ ਚਾਰ ਮਾਰਗੀ ਹੈ ਅਤੇ ਗੁਰਦਾਸਪੁਰ-ਰਮਦਾਸ ਹਾਈਵੇ ਕਾਹਲਾਂਵਾਲੀ ਚੌਕ ਡੇਰਾ ਬਾਬਾ ਨਾਨਕ ਤੋਂ ਇਹ ਸੜਕ ਪਿੰਡ ਪੱਖੋਕੇ ਦੀ ਜ਼ਮੀਨ ਤੋਂ ਹੁੰਦੀ ਹੋਈ ਅੰਤਰਰਾਸ਼ਟਰੀ ਸਰਹੱਦ ਵੱਲ ਵਧੇਗੀ | ਸੜਕ 'ਤੇ ਵੱਖ-ਵੱਖ ਸਮੱਗਰੀ ਦੀਆਂ ਅਜੇ ਹੋਰ ਪਰਤਾਂ ਚੜ੍ਹਾਈਆਂ ਜਾ ਰਹੀਆਂ ਹਨ | ਇਸ ਤੋਂ ਅੱਗੇ ਚੈੱਕ ਪੋਸਟ, ਅਤਿ ਅਧੁਨਿਕ ਯਾਤਰੀ ਟਰਮੀਨਲ, ਪਾਰਕਿੰਗ ਅਤੇ ਹੋਰ ਰਿਹਾਇਸ਼ੀ ਜਗ੍ਹਾ 50 ਏਕੜ ਦੇ ਕਰੀਬ ਕਿਸਾਨਾਂ ਕੋਲੋਂ ਲਈ ਗਈ ਜ਼ਮੀਨ 'ਤੇ ਬਣਾਈ ਗਈ ਹੈ | 100 ਤੋਂ ਵੱਧ ਇੰਜੀਨੀਅਰ ਅਤੇ 500 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਹਨ | ਕੇਂਦਰ ਸਰਕਾਰ ਵਲੋਂ ਆਈਆਂ ਵੱਖ-ਵੱਖ ਟੀਮਾਂ ਉਥੇ ਦਿਨ-ਰਾਤ ਟਿਕੀਆਂ ਹੋਈਆਂ ਹਨ ਜਿਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਉੱਥੇ ਹੀ ਕੀਤਾ ਗਿਆ ਹੈ | ਚੈੱਕ ਪੋਸਟ ਦੇ ਨਿਰਮਾਣ ਨੂੰ ਵੀ ਅੰਤਿਮ ਛੋਹ ਦਿੱਤੀ ਜਾ ਰਹੀ ਹੈ ਜੋ ਥੋੜ੍ਹੇ ਸਮੇਂ 'ਚ ਮੁਕੰਮਲ ਹੋ ਜਾਵੇਗੀ | ਇੰਜੀਨੀਅਰਾਂ ਵਲੋਂ ਸੜਕਾਂ ਅਤੇ ਚੈੱਕ ਪੋਸਟ ਤੱਕ ਪਿੱਲਰ ਆਦਿ ਦੇ ਨਿਰਮਾਣ ਨੂੰ ਜਲਦ ਪੂਰਿਆਂ ਕਰਨ ਲਈ ਕੀਤੀ ਜਾ ਰਹੀ ਸਿਰਤੋੜ ਮਿਹਨਤ ਵੀ ਵੇਖੀ ਜਾ ਸਕਦੀ ਹੈ | ਵੇਖਣ ਤੋਂ ਲਗਦਾ ਹੈ ਕਿ ਇਹ ਪ੍ਰਾਜੈਕਟ 5 ਤੋਂ 6 ਮਹੀਨੇ 'ਚ ਮੁਕੰਮਲ ਹੋਵੇਗਾ ਅਤੇ ਇਵੇਂ ਵੀ ਲਗਦਾ ਹੈ ਕਿ ਜਿਵੇਂ ਸਰਕਾਰ ਨਵੰਬਰ ਤੱਕ ਲਾਂਘਾ ਖੋਲ੍ਹ ਦੇਵੇਗੀ | ਜਦੋਂ ਉੱਥੇ ਇਕ ਇੰਜੀਨੀਅਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਕਾਰਬੋਨੇਟ ਤੋਂ ਬਣੀਆਂ-ਬਣਾਈਆਂ ਛੱਤਾਂ ਨਾਲ ਚੈੱਕ ਪੋਸਟ ਤੇ ਯਾਤਰੀ ਟਰਮੀਨਲ ਤਿਆਰ ਕੀਤੇ ਜਾ ਰਹੇ ਹਨ | ਸਟੀਲ ਅਤੇ ਫਾਇਬਰ ਤੋਂ ਤਿਆਰ ਸਾਮਾਨ ਹੀ ਇੱਥੇ ਵਰਤਿਆ ਜਾ ਰਿਹਾ ਹੈ | ਬਹੁਤਾ ਸਾਮਾਨ ਵੱਖ-ਵੱਖ ਸੂਬਿਆਂ ਤੋਂ ਲਿਆ ਕੇ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਇਸ ਲਈ ਇਹ ਕੰਮ ਬਹੁਤ ਸਮਾਂ ਨਹੀਂ ਲਵੇਗਾ | ਪਾਕਿਸਤਾਨ ਦੀ ਜ਼ੀਰੋ ਲਾਇਨ ਤੱਕ ਬਣੀ ਸੜਕ ਵੀ ਨਜ਼ਰ ਆਉਂਦੀ ਹੈ, ਪ੍ਰੰਤੂ ਭਾਰਤ ਵਾਲੇ ਪਾਸੇ ਤੋਂ ਜ਼ੀਰੋ ਲਾਈਨ ਤੱਕ ਪੁਲ ਬਣਿਆ ਹੈ | ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪਹਿਲਾਂ ਜ਼ੀਰੋ ਲਾਇਨ ਤੱਕ ਪੁਲ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਭਾਰਤ ਨੇ ਲਾਂਘੇ ਦਾ ਕੰਮ ਰੋਕ ਦਿੱਤਾ ਸੀ, ਪ੍ਰੰਤੂ ਮਾਰਚ ਮਹੀਨੇ ਹੋਈ ਮੀਟਿੰਗ ਤੋਂ ਬਾਅਦ ਪਾਕਿਸਤਾਨ ਨੇ ਇਸ ਪੁਲ ਦੇ ਵਿਵਾਦ ਨੂੰ ਖ਼ਤਮ ਕਰਦਿਆਂ ਲਾਂਘਾ ਖੁੱਲ੍ਹਣ ਤੋਂ ਇਕ ਸਾਲ ਬਾਅਦ ਇਸ ਪੁਲ ਦਾ ਨਿਰਮਾਣ ਕਰਨ ਦਾ ਵਾਅਦਾ ਕੀਤਾ ਹੈ ਅਤੇ ਹੁਣ ਪਾਕਿਸਤਾਨੀ ਇਮੀਗ੍ਰੇਸ਼ਨ ਕੇਂਦਰ ਅਤੇ ਚੈੱਕ ਪੋਸਟ ਤੋਂ ਲੈ ਕੇ ਭਾਰਤ ਦੇ ਪਾਸੇ ਬਣੇ ਪੁਲ ਤੱਕ ਸੜਕ ਬਣਾ ਦਿੱਤੀ ਗਈ ਹੈ | ਪਾਕਿ ਵੱਲ ਵਿਆਹ ਵਰਗਾ ਮਾਹੌਲ ਪਾਕਿਸਤਾਨ ਵਾਲੇ ਪਾਸੇ ਤੇਜ਼ੀ ਨਾਲ ਚੱਲ ਰਹੇ ਕੰਮ ਅਤੇ ਦਰਿਆਈ ਮਿੱਟੀ ਹੋਣ ਕਾਰਨ ਘੱਟਾ-ਮਿੱਟੀ ਦੇ ਉੱਡਣ ਨਾਲ ਸੰਗਤਾਂ ਲਈ ਦੂਰਬੀਨ ਰਾਹੀਂ ਦਰਸ਼ਨ ਕਰਨਾ ਵੀ ਔਖਾ ਹੋ ਗਿਆ ਹੈ, ਇਸ ਕਰ ਕੇ ਸੰਗਤਾਂ ਦੀ ਆਮਦ ਘਟ ਗਈ ਹੈ | ਭਾਵੇਂ ਕਿ ਬੀ.ਐਸ.ਐਫ. ਵਲੋਂ ਪਹਿਲਾਂ ਬਣੇ ਦਰਸ਼ਨ ਸਥਾਨ ਦਾ ਕੁਝ ਕੁ ਹਿੱਸਾ ਰਹਿਣ ਦਿੱਤਾ ਗਿਆ ਹੈ | ਸਰਹੱਦ 'ਤੇ ਖੜ੍ਹੇ ਹੋ ਕੇ ਜਦੋਂ ਪਾਕਿਸਤਾਨ ਵਾਲੇ ਪਾਸੇ ਵੇਖਦੇ ਹਾਂ ਤਾਂ ਨਵੀਆਂ ਬਣੀਆਂ ਸੜਕਾਂ 'ਤੇ ਚਲਦੀ ਆਵਾਜਾਈ ਤੋਂ ਲੱਗਦਾ ਹੈ, ਜਿਵੇਂ ਕੋਈ ਵਿਆਹ ਰੱਖਿਆ ਹੋਵੇ | ਸੰਗਤਾਂ ਲਈ ਦੂਰਬੀਨ ਵੀ ਰੱਖੀ ਗਈ ਹੈ, ਪ੍ਰੰਤੂ ਕਰਤਾਰਪੁਰ ਸਾਹਿਬ ਦੇ ਸਾਫ਼ ਦਿਖਾਈ ਨਾ ਦੇਣ ਕਾਰਨ ਸੰਗਤ ਨਿਰਾਸ਼ ਹੁੰਦੀ ਹੈ ਪ੍ਰੰਤੂ ਦੋਵਾਂ ਪਾਸਿਆਂ ਤੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਲਦ ਖੋਲ੍ਹਣ 'ਤੇ ਚੱਲ ਰਹੇ ਕੰਮ 'ਚ ਤੇਜ਼ੀ ਨੂੰ ਵੇਖ ਕੇ ਚਿਹਰਿਆਂ 'ਤੇ ਖੁਸ਼ੀ ਵੇਖੀ ਜਾ ਸਕਦੀ ਹੈ | ਜ਼ਿਕਰਯੋਗ ਹੈ ਕਿ ਪਾਕਿਸਤਾਨ ਦਾ ਇਹ ਇਲਾਕਾ ਜ਼ਿਲ੍ਹਾ ਨਾਰੋਵਾਲ 'ਚ ਪੈਂਦਾ ਹੈ ਅਤੇ ਕਰਤਾਰਪੁਰ ਸਾਹਿਬ ਦੀ ਤਹਿਸੀਲ ਵੀ ਨਾਰੋਵਾਲ ਹੀ ਹੈ | ਸਰਹੱਦ ਨਾਲ ਲਗਦਾ ਇਹ ਇਲਾਕਾ ਬੇਆਬਾਦ ਜੰਗਲ ਬੀਆਬਾਨ ਸੀ, ਕਈ ਕਿੱਲੋਮੀਟਰ ਤੱਕ ਕੋੲਾੀ ਇਮਾਰਤ ਨਜ਼ਰ ਨਹੀਂ ਸੀ ਆਉਂਦੀ, ਪਰ ਹੁਣ ਉੱਥੇ ਇਕ ਬਹੁਤ ਸੋਹਣੀ ਇਮਾਰਤ ਬਣ ਚੁੱਕੀ ਹੈ, ਜਿਸ 'ਤੇ ਪਾਕਿਸਤਾਨ ਦੇ ਝੰਡੇ ਲਗਾਏ ਗਏ ਹਨ | ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਦਾ ਚੈੱਕ ਪੋਸਟ, ਇਮੀਗ੍ਰੇਸ਼ਨ ਕੇਂਦਰ ਅਤੇ ਯਾਤਰੂਆਂ ਦੀ ਰਿਹਾਇਸ਼ਗਾਹ ਹੈ | ਦੂਰਬੀਨ ਰਾਹੀਂ ਦੇਖੀਏ ਤਾਂ ਉਹ ਇਮਾਰਤ ਹੋਰ ਖੂਬਸੂਰਤ ਨਜ਼ਰ ਆਉਂਦੀ ਹੈ | ਵੱਖ-ਵੱਖ ਥਾਵਾਂ 'ਤੇ ਬੋਰਡਾਂ 'ਤੇ ਅੰਗਰੇਜ਼ੀ 'ਚ ਪਾਰਕਿੰਗ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵੀ ਲਿਖਿਆ ਵੇਖਿਆ ਜਾ ਸਕਦਾ ਹੈ | ਨਵੰਬਰ 'ਚ ਖੁੱਲ੍ਹੇਗਾ ਲਾਂਘਾ ਕੰਮ ਦੀ ਤੇਜ਼ ਰਫ਼ਤਾਰ ਤੋਂ ਲਗਦਾ ਹੈ ਕਿ ਨਵੰਬਰ 'ਚ ਲਾਂਘਾ ਖੁੱਲ੍ਹ ਹੀ ਜਾਵੇਗਾ | ਇਸ ਦੇ ਉਦਘਾਟਨੀ ਸਮਾਰੋਹ 'ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਆਉਣ ਦੀ ਆਸ ਵੀ ਹੈ ਅਤੇ ਲਾਂਘੇ ਲਈ ਹੋ ਰਹੇ ਉਦਘਾਟਨੀ ਸਮਾਰੋਹ ਲਈ 85 ਏਕੜ ਜ਼ਮੀਨ ਵੀ ਖਾਲੀ ਕਰਵਾਉਣ ਬਾਰੇ ਗੱਲਬਾਤ ਚੱਲ ਰਹੀ ਹੈ |