ਨਾਭਾ ਜੇਲ੍ਹ ‘ਚ ਭੁੱਖ ਹੜਤਾਲ ‘ਤੇ ਬੈਠੇ ਬੰਦੀ ਸਿੰਘਾਂ ਦੀ ਸਿਹਤ ਵਿਗੜਨ ਲੱਗੀ

ਨਾਭਾ ਜੇਲ੍ਹ ਵਿੱਚ ਭੁੱਖ ਹੜਤਾਲ ’ਤੇ ਬੈਠੇ ਬੰਦੀ ਸਿੰਘਾਂ ਵਿਚੋਂ ਇਕ ਕੈਦੀ ਰਣਦੀਪ ਸਿੰਘ ਨੂੰ ਸਿਹਤ ਖ਼ਰਾਬ ਹੋਣ ’ਤੇ ਇੱਥੋਂ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਅਤੇ ਗੁਲੂਕੋਜ਼ ਲਗਾ ਕੇ ਵਾਪਸ ਭੇਜ ਦਿੱਤਾ ਗਿਆ। ਡਾਕਟਰਾਂ ਅਨੁਸਾਰ ਕਈ ਦਿਨ ਭੁੱਖੇ ਰਹਿਣ ਕਾਰਨ ਉਸ ਨੂੰ ਸਿਹਤ ਸਬੰਧੀ ਸਮੱਸਿਆ ਆ ਰਹੀ ਹੈ। ਇਸ ਤੋਂ ਇਲਾਵਾ ਇਕ ਹੋਰ ਕੈਦੀ ਗੁਰਪ੍ਰੀਤ ਸਿੰਘ ਜਾਗੋਵਾਲ ਕਮਜ਼ੋਰੀ ਕਾਰਨ ਚੱਕਰ ਖਾ ਕੇ ਡਿੱਗ ਗਿਆ ਤੇ ਉਸ ਦੇ ਸਿਰ ਵਿਚ ਸੱਟ ਵੱਜੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੁਝ ਬੰਦੀ ਸਿੰਘਾਂ ਦੀ ਹੋਰਨਾਂ ਜੇਲ੍ਹਾਂ ਵਿੱਚ ਬਦਲੀ ਕਰਨ ਦੇ ਵਿਰੋਧ ’ਚ ਅਤੇ ਜੇਲ੍ਹ ਪ੍ਰਸ਼ਾਸਨ ’ਤੇ ਮਾੜਾ ਸਲੂਕ ਕਰਨ ਦਾ ਦੋਸ਼ ਲਾਉਂਦਿਆਂ ਨਾਭਾ ਜੇਲ੍ਹ ਦੇ ਬੰਦੀ ਸਿੰਘਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਬੰਦੀ ਸਿੰਘਾਂ ਦੀ ਵਕੀਲ ਕੁਲਵਿੰਦਰ ਕੌਰ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸੁਪਰੀਮ ਕਰੋਟ ਨੇ ਕੈਦੀਆਂ ਦੀ ਬਦਲੀ ’ਤੇ ਰੋਕ ਲਗਾਈ ਸੀ। ਉਨ੍ਹਾਂ ਦੱਸਿਆ ਕਿ ਹੜਤਾਲ ’ਤੇ ਬੈਠੇ ਕਈ ਬੰਦੀ ਸਿੰਘਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਅਤੇ ਕਈਆਂ ਨੂੰ ਹੋਰ ਸਿਹਤ ਸਮੱਸਿਆਵਾਂ ਆ ਰਹੀਆਂ ਹਨ। ਏਡੀਜੀਪੀ (ਜੇਲ੍ਹ) ਪੀਕੇ ਸਿਨਹਾ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਜਨਰਲ ਬਦਲੀ ’ਤੇ ਰੋਕ ਲਗਾਈ ਸੀ ਪਰ ਇਹ ਬਦਲੀਆਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਕੀਤੀਆਂ ਗਈਆਂ ਹਨ। ਇਨ੍ਹਾਂ ਬਾਰੇ ਅਦਾਲਤ ਨੂੰ ਜਵਾਬ ਵੀ ਲਿਖਿਆ ਗਿਆ ਹੈ। ਬੰਦੀ ਸਿੰਘਾਂ ਦੀ ਸਿਹਤ ਸਬੰਧੀ ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਭੋਜਨ ਖਾਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਸੇ ਦੀ ਵੀ ਸਿਹਤ ਖ਼ਰਾਬ ਹੋਣ ’ਤੇ ਉਸ ਨੂੰ ਤੁਰੰਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।