ਅਬੋਹਰ-ਫ਼ਾਜ਼ਿਲਕਾ ਮਾਰਗ ‘ਤੇ ਵਾਪਰਿਆ ਭਿਆਨਕ ਹਾਦਸਾ, ਇੱਕ ਡਰਾਈਵਰ ਦੀ ਹੋਈ ਮੌਤ
ਅਬੋਹਰ : ਅੱਜ ਸਵੇਰੇ ਅਬੋਹਰ-ਫ਼ਾਜ਼ਿਲਕਾ ਮਾਰਗ ‘ਤੇ ਪਿੰਡ ਘੱਲੂ ਨੇੜੇ ਇੱਕ ਘੋੜਾ ਟਰਾਲੇ ਅਤੇ ਕੈਂਟਰ ਦੀ ਭਿਆਨਕ ਟੱਕਰ ਹੋਣ ਕਾਰਨ ਇੱਕ ਡਰਾਈਵਰ ਦੀ ਮੌਤ ਹੋ ਗਈ, ਜਦੋਂ ਕਿ ਦੋ-ਤਿੰਨ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਆਲੇ-ਦੁਆਲੇ ਦੇ ਲੋਕਾਂ ਨੇ ਗੱਡੀਆਂ ਵਿੱਚ ਫਸੇ ਲੋਕਾਂ ਨੂੰ ਖਿੜਕੀਆਂ ਤੋੜ ਕੇ ਬਾਹਰ ਕੱਢਿਆ।ਜਾਣਕਾਰੀ ਦੇ ਅਨੁਸਾਰ, ਪਿੰਡ ਘੱਲੂ ਦੇ ਨੇੜੇ ਅੱਜ ਸਵੇਰੇ ਧੁੰਦ ਹੋਣ ਕਾਰਨ ਇੱਕ ਵੱਡੇ ਘੋੜੇ ਟਰਾਲੇ ਤੇ ਕੈਂਟਰ ਵਿੱਚ ਜ਼ੋਰਦਾਰ ਟੱਕਰ ਹੋਈ। ਇਸੇ ਦੌਰਾਨ ਇੱਕ ਕਾਰ ਨੇ ਜਿਵੇਂ ਹੀ ਕੱਟ ਮਾਰਿਆ ਤਾਂ ਇੱਕ ਹੋਰ ਕੈਂਟਰ ਉਸ ਕਾਰ ਨੂੰ ਬਚਾਉਣ ਦੇ ਚੱਕਰ ਵਿੱਚ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ।ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੋਂ ਵਾਹਨ ਬੁਰੀ ਤਰ੍ਹਾਂ ਅੱਗੋਂ ਨੁਕਸਾਨੇ ਗਏ ਅਤੇ ਉਨ੍ਹਾਂ ਦੇ ਡਰਾਈਵਰ ਵਾਹਨਾਂ ਵਿੱਚ ਹੀ ਫਸ ਗਏ ਜਿਨ੍ਹਾਂ ਨੂੰ ਲੋਕਾਂ ਨੇ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਖਿੜਕੀਆਂ ਤੋੜ ਕੇ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਦੱਸਿਆ ਜਾਂਦਾ ਹੈ ਕਿ ਇਸ ਹਾਦਸੇ ਵਿੱਚ ਇੱਕ ਵਾਹਨ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਭਿਆਨਕ ਹਾਦਸੇ ਕਾਰਨ ਪੂਰੀ ਸੜਕ ‘ਤੇ ਜਾਮ ਦੀ ਸਥਿਤੀ ਬਣੀ ਰਹੀ ਅਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੂਚਨਾ ਮਿਲਦਿਆਂ ਹੀ ਥਾਣਾ ਖੂਹੀਖੇੜਾ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।
SikhDiary