ਕਿਸਨਪੁਰ ਭਰਥਲਾ ਪਿੰਡ ’ਚ ਸੜਕ ਹਾਦਸਾ ਹੋਣ ਕਾਰਨ ਨੈਸ਼ਨਲ ਕਿੱਕ ਬਾਕਸਿੰਗ ਖਿਡਾਰੀ ਦੀ ਹੋਈ ਮੌਤ
ਕਾਠਗੜ੍ਹ : ਕਾਠਗੜ੍ਹ ਹਲਕੇ ਦੇ ਕੋਲ ਕਿਸਨਪੁਰ ਭਰਥਲਾ ਪਿੰਡ ਵਿੱਚ ਸੜਕ ਹਾਦਸਾ ਹੋਣ ਕਾਰਨ ਨੈਸ਼ਨਲ ਕਿੱਕ ਬਾਕਸਿੰਗ ਖਿਡਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਿਸ਼ਨਪੁਰ ਭਰਥਲਾ ਦੇ ਰਹਿਣ ਵਾਲੇ ਹਿਮਾਂਸ਼ੂ ਸ਼ਰਮਾ ਉਰਫ਼ ਅੰਸ਼ ਵਜੋਂ ਹੋਈ ਹੈ। ਉਕਤ ਖਿਡਾਰੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਸੜਕ ਹਾਦਸੇ ਵਿੱਚ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਕਿਸ਼ਨਪੁਰ ਭਰਥਲਾ ਦੇ ਵਸਨੀਕ ਰਵਿੰਦਰ ਕੁਮਾਰ ਰਵੀ ਨੇ ਦੱਸਿਆ ਕਿ ਉਹਦੇ ਭਰਾ ਪੰਡਿਤ ਦੇਵੀ ਦਿਆਲ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਵੀਰ ਹਿਮਾਂਸ਼ੂ ਸ਼ਰਮਾ ਉਰਫ਼ ਅੰਸ਼ (19) ਚੰਡੀਗੜ੍ਹ ਦੇ ਸੈਕਟਰ 10 ਵਿੱਚ ਡੀ.ਏ.ਵੀ. ਕਾਲਜ ਵਿੱਚ ਬੀ.ਏ. ਪਹਿਲੇ ਸਾਲ ਵਿੱਚ ਪੜ੍ਹਦਾ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਈਕਲ ‘ਤੇ ਪਿੰਡ ਤੋਂ ਚੰਡੀਗੜ੍ਹ ਜਾ ਰਿਹਾ ਸੀ, ਪਰ ਜਦੋਂ ਉਹ ਦੁਪਹਿਰ ਕਰੀਬ 12 ਵਜੇ ਚੰਡੀਗੜ੍ਹ ਦੇ ਨੇੜੇ ਪਿੰਡ ਸੰਗਤਪੁਰਾ ਪਹੁੰਚਿਆ ਤਾਂ ਸੀ.ਟੀ.ਯੂ. ਦੀ ਤੇਜ਼ ਰਫ਼ਤਾਰ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਗੰਭੀਰ ਸੱਟਾ ਲੱਗਣ ਦੀ ਵਜ੍ਹਾਂ ਨਾਲ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।ਟੱਕਰ ਇੰਨੀ ਜ਼ੋਰਦਾਰ ਸੀ ਕਿ ਹੈਲਮਟ ਟੁੱਟ ਕੇ ਨੌਜਵਾਨ ਦੇ ਸਿਰ ਵਿੱਚ ਵੱਜਿਆ। ਉਨ੍ਹਾਂ ਦੱਸਿਆ ਕਿ ਹਿਮਾਂਸ਼ੂ ਸ਼ਰਮਾ ਐਮ.ਆਰ. ਸਿਟੀ ਸਕੂਲ, ਬਲਾਚੌਰ ਵਿੱਚ ਕਿੱਕ ਬਾਕਸਿੰਗ ਦਾ ਟੈਲੇਂਟਿਡ ਖਿਡਾਰੀ ਸੀ ਅਤੇ ਉਹ ਗੋਲਡ ਮੈਡਲ ਜੇਤੂ ਸੀ। ਨੌਜਵਾਨ ਦੀ ਘੱਟ ਉਮਰ ਵਿੱਚ ਅਚਾਨਕ ਹੋਈ ਮੌਤ ਨਾਲ ਜਿੱਥੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਉੱਥੇ ਹੀ ਪਿੰਡ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ।
SikhDiary