ਇੰਗਲੈਂਡ ਦੇ ਸਿੱਖ ਕਾਰੋਬਾਰੀਆਂ ਵਲੋਂ ਪਾਕਿਸਤਾਨ ਦੇ ਗੁਰਧਾਮਾਂ ਲਈ 500 ਮਿਲੀਅਨ ਪੌਂਡ ਦੇਣ ਦਾ ਵੱਡਾ ਐਲਾਨ
ਇੰਗਲੈਂਡ ਦੇ ਸਿੱਖਾਂ ਵੱਲੋਂ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਸਾਂਭ ਸੰਭਾਲ ਲਈ ਮਾਇਕ ਪੱਖੋਂ ਵੱਡਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਗਿਆ ਹੈ। ਸਿੱਖ ਸਿਆਸਤ ਕੋਲ ਲਿਖਤੀ ਤੌਰ ਤੇ ਪਹੁੰਚੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਸੈਰ ਸਪਾਟਾ ਮਹਿਕਮੇਂ ਦੇ ਚੇਅਰਮੈਨ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਸਈਅਦ ਜ਼ੁਲਫਕਾਰ ਬੁਖਾਰੀ ਨਾਲ ਲੰਡਨ ਦੇ ਰੈਮਬਰਾਂਡਿਟ ਹੋਟਲ ਵਿਖੇ ਇੰਗਲੈਂਡ ਦੇ ਸਿੱਖਾਂ ਦੀ ਇਕ ਅਹਿਮ ਮੁਲਾਕਾਤ ਹੋਈ, ਜਿਸ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ। ਇਸ ਦੌਰਾਨ ਸਿੱਖ ਕਾਰੋਬਾਰੀ ਤੇ ਪੀਟਰ ਵਿਰਦੀ ਫਾਊਂਡੇਸ਼ਨ ਦੇ ਚੇਅਰਮੈਨ ਪੀਟਰ ਵਿਰਦੀ ਨੇ ਸਿੱਖ ਕਾਰੋਬਾਰੀਆਂ ਨਾਲ ਮਿਲ ਕੇ ਸਿੱਖ ਗੁਰਦੁਆਰਾ ਸਾਹਿਬਾਨ ਲਈ ਨਵਾਂ ਟਰੱਸਟ ਬਣਾ ਕੇ 500 ਮਿਲੀਅਨ ਪੌਂਡ ਦਾ ਹਿੱਸਾ ਪਾਉਣ ਦਾ ਐਲਾਨ ਕੀਤਾ। ਪੌਂਡ ਦੀ ਦਰ ਮੁਤਾਬਕ ਇਹ ਰਕਮ ਤਕਰੀਬਨ 44 ਅਰਬ ਰੁਪਏ ਤੋਂ ਵੱਧ ਬਣਦੀ ਹੈ। ਸੈਂਟਰਲ ਗੁਰਦੁਆਰਾ (ਖਾਲਸਾ ਜੱਥਾ) ਲੰਡਨ ਵਲੋਂ ਪੀਟਰ ਵਿਰਦੀ ਸੰਸਥਾ ਦੇ ਸਹਿਯੋਗ ਨਾਲ 10 ਜੂਨ ਨੂੰ ਕਰਵਾਏ ਇਸ ਸਮਾਗਮ ਵਿਚ ਬੋਲਦਿਆਂ ਸਈਅਦ ਬੁਖਾਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਦੁਨੀਆ ਭਰ ਦੇ ਸਿੱਖਾਂ ਵਿਚ ਭਾਰੀ ਉਤਸ਼ਾਹ ਹੈ। ਪਾਕਿਸਤਾਨ ਸਰਕਾਰ ਦੇ ਨੁਮਾਇੰਦੇ ਨੇ ਕਿਹਾ ਕਿ ਸਿੱਖ ਯਾਤਰੂਆਂ ਨੂੰ ਅਗਾਉਂ ਵੀਜ਼ਾ, ਬਿਜਲਈ ਢੰਗਾਂ ਰਾਹੀਂ ਵੀਜ਼ਾ ਅਤੇ ਮੌਕੇ ਉੱਤੇ ਵੀਜ਼ਾ ਆਦਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਵੱਡੇ ਗੁਰੂ ਘਰਾਂ ਨੂੰ ਜੋੜਨ ਲਈ ਵਿਸ਼ੇਸ਼ ਬੱਸ ਸੇਵਾ ਨਾਲ ਜੋੜਿਆ ਜਾਵੇਗਾ।