ਜੀਕੇ ‘ਲਾਈ ਡਿਟੈਕਟਰ ਟੈਸਟ’ ਕਰਵਾਉਣ: ਬਾਠ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਕਿਹਾ ਹੈ ਕਿ ਘਪਲਿਆਂ ਦੇ ਦੋਸ਼ਾਂ ਵਿੱਚ ਘਿਰੇ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰਂ ‘ਲਾਈ ਡਿਟੈਕਟਰ ਟੈਸਟ’ ਕਰਵਾਉਣਾ ਚਾਹੀਦਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਠ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਜੀਤ ਸਿੰਘ ਜੀਕੇ ਨੂੰ ਜਿੱਥੇ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਬਣਾਇਆ ਗਿਆ, ਉੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਤਿੰਨ ਵਾਰ ਪ੍ਰਧਾਨ ਬਣਾਇਆ ਗਿਆ ਪਰੰਤੂ ਉਨ੍ਹਾਂ ਨੇ ਪਾਰਟੀ ਤੇ ਸੰਗਤ ਨਾਲ ਵਿਸ਼ਵਾਸ ਘਾਤ ਕੀਤਾ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਜੀਕੇ ’ਤੇ ਗੁਰੂ ਕੀ ਗੋਲਕ ਦੇ ਪੈਸੇ ਨੂੰ ਖੁਰਦ ਬੁਰਦ ਕਰਨ ਅਤੇ ਕਿਤਾਬਾਂ ਦੀ ਛਪਾਈ ਦੇ ਮਾਮਲੇ ਵਿੱਚ ਘਪਲਾ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ ਅਤੇ ਦਿੱਲੀ ਦੀ ਅਦਾਲਤ ਨੇ ਇਸ ਸਬੰਧੀ ਪੁਲੀਸ ਵੱਲੋਂ ਦਾਇਰ ਕਲੋਜ਼ਰ ਰਿਪੋਰਟ ਨੂੰ ਵੀ ਰੱਦ ਕਰਕੇ ਪੁਲੀਸ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਮਨਜੀਤ ਸਿੰਘ ਜੀਕੇ ਨੂੰ ਉਨ੍ਹਾਂ ’ਤੇ ਲੱਗੇ ਇਲਜ਼ਾਮਾਂ ਬਾਰੇ ਆਪਣਾ ਪੱਖ ਰੱਖਣ ਦਾ ਵਾਰ ਵਾਰ ਮੌਕਾ ਦਿੱਤਾ ਗਿਆ ਪਰੰਤੂ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਅਤੇ ਵਕਤ ਆਉਣ ’ਤੇ ਆਪਣਾ ਪੱਖ ਰੱਖਣ ਦੀ ਗੱਲ ਕੀਤੀ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਦਾ ਰੁਖ ਅਪਣਾਉਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਮਨਜੀਤ ਸਿੰਘ ਜੀਕੇ ਆਪਣੇ ਆਪ ਨੂੰ ਪਾਕ ਸਾਫ ਮੰਨਦੇ ਹਨ ਤਾਂ ਉਨ੍ਹਾਂ ਨੂੰ ਆਪਣਾ ‘ਲਾਈ ਡਿਟੈਕਟਰ ਟੈਸਟ’ ਕਰਵਾਉੇਣ ਚਾਹੀਦਾ ਹੈ ਅਤੇ ਜੇਕਰ ਲੋੜ ਹੋਈ ਤਾਂ ਉਹ ਵੀ ‘ਲਾਈ ਡਿਟੈਕਟਰ ਟੈਸਟ’ ਕਰਵਾਉੇਣ ਲਈ ਤਿਆਰ ਹਨ।