ਲਾਹੌਰ ਵਿੱਚ ਮਾਂ ਬੋਲੀ ਦਿਹਾੜਾ: ਪੰਜਾਬੀ ਲਾਗੂ ਕਰਨ ਦਾ ਅਦਾਲਤੀ ਫ਼ੈਸਲਾ

ਲਾਹੌਰ ਦੀ ਹਾਈਕੋਰਟ ਨੇ ਪੰਜਾਬ ਦੀ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ 2015 ਵਿੱਚ ਤਿਆਰ ਬਿੱਲ ਦੇ ਖਰੜੇ ਨੂੰ ਐਕਟ ਦਾ ਰੂਪ ਦਿੱਤਾ ਜਾਵੇ ਅਤੇ ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੀ ਪੜ੍ਹਾਈ ਵਿੱਚ ਪੰਜਾਬੀ ਨੂੰ ਤਾਲੀਮੀ ਜ਼ੁਬਾਨ ਵਜੋ ਲਾਗੂ ਕੀਤਾ ਜਾਵੇ। ਕੌਮਾਂਤਰੀ ਮਾਂ ਬੋਲੀ ਮੌਕੇ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ ਪੰਜਾਬੀ ਬੋਲੀ ਦੇ ਪੱਖ ਵਿੱਚ ਕੀਤੇ ਗਏ ਮੁਜ਼ਾਹਰੇ ਵਿੱਚ ਇਕਬਾਲ ਕੈਸਰ ਨੇ ਅਦਾਲਤ ਦੇ ਇਸ ਫ਼ੈਸਲੇ ਨੂੰ ਇਤਿਹਾਸਕ ਕਰਾਰ ਦਿੱਤਾ। ਮਾਂ-ਬੋਲੀ ਦਿਹਾੜਾ ਲਾਹੌਰ ਦੇ ਮੁਜ਼ਾਹਰੇ ਵਿੱਚ ਹਰ ਉਮਰ ਦੇ ਮੁਜ਼ਾਹਰਾਕਾਰੀ ਨੱਚ ਰਹੇ ਸਨ ਅਤੇ ਪਿੱਛੇ ਗੀਤ ਚੱਲ ਰਿਹਾ ਸੀ, 'ਮੇਰੀ ਪੱਗ ਤੇ ਮੇਰੀ ਸ਼ਾਨ, ਸਾਡਾ ਸੋਹਣਾ ਪਾਕਿਸਤਾਨ।' ਇਸ ਮੌਕੇ ਉੱਤੇ ਪੰਜਾਬੀ ਬੋਲੀ ਦੇ ਨਾਮੀ ਕਾਰਕੁਨ ਇਕਬਾਲ ਕੈਸਰ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ, "ਇਹ ਅਦਾਲਤੀ ਫ਼ੈਸਲਾ ਬਹੁਤ ਵਧਿਆ ਹੈ ਪਰ ਅਹਿਮ ਗੱਲ ਇਹੋ ਹੋਵੇਗੀ ਕਿ ਹੁਣ ਮਾਮਲਾ ਕਿੰਨਾ ਅੱਗੇ ਵਧਦਾ ਹੈ।" "ਦੂਜੀ ਖ਼ੁਸ਼ੀ ਦੀ ਗੱਲ ਹੈ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਗੁਰੂ ਨਾਨਕ ਚੇਅਰ ਦਾ ਉਦਘਾਟਨ ਕੀਤਾ ਗਿਆ ਹੈ।"