ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਲਈ ਫਲਿੱਪਕਾਰਟ ਕੰਪਨੀ ਖਿਲਾਫ ਦਰਜ ਕਰਵਾਇਆ ਫੌਜਦਾਰੀ ਕੇਸ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਫਲਿੱਪਕਾਰਟ ਕੰਪਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮੈਟਾਂ 'ਤੇ ਲਗਾ ਕੇ ਵੇਚਣ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਸ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਇਆ ਹੈ। ਨਾਰਥ ਅਵੈਨਿਊ ਪੁਲਿਸ ਸਟੇਸ਼ਨ ਨਵੀਂ ਦਿੱਲੀ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਆਨ ਲਾਈਨ ਬਿਜ਼ਨਸ ਕੰਪਨੀ ਫਲਿੱਪਕਾਰਟ ਨੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵਾਲੇ ਮੈਟ ਵੇਚ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਕੰਪਨੀ ਦੀ ਇਸ ਕਾਰਵਾਈ ਨਾਲ ਦੁਨੀਆਂ ਸਭ ਵਿਚ ਬੈਠੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਹਨਾਂ ਕਿਹਾ ਕਿ ਕੰਪਨੀ ਦੀ ਕਾਰਵਾਈ ਤੋਂ ਅਜਿਹਾ ਜਾਪਦਾ ਹੈ ਕਿ ਉਸਨੇ ਬਿਨਾਂ ਸਿੱਖਾਂ ਦੀਆਂ ਭਾਵਨਾਵਾਂ ਦੀ ਪਰਵਾਹ ਕੀਤੇ ਤੇ ਬਗੈਰ ਸਿੱਖ ਸੰਸਥਾਵਾਂ ਨਾਲ ਸਲਾਹ ਕੀਤੇ ਇਹ ਤਸਵੀਰ ਵਰਤ ਲਈ ਹੈ ਤੇ ਕੰਪਨੀ ਨੇ ਇਸ ਤਸਵੀਰ ਵਾਲੇ ਮੈਟ ਛਪਵਾ ਕੇ ਵੇਚੇ ਹਨ ਤੇ ਹੁਣ ਇਹਨਾਂ ਮੈਟਾਂ 'ਤੇ ਤਸਵੀਰ ਉਪਰ ਜੁੱਤੇ ਪਾ ਕੇ ਲੋਕ ਤੁਰਨਗੇ। ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ 'ਤੇ ਹਜ਼ਾਰਾਂ ਫੋਨ ਆਏ ਹਨ ਤੇ ਉਹਨਾਂ ਨੇ ਆਨ ਲਾਈਨ ਕੰਪਨੀਆਂ ਵੱਲੋਂ ਅਜਿਹਾ ਵਾਰ ਵਾਰ ਕੀਤੇ ਜਾਣ 'ਤੇ ਸਵਾਲ ਉਠਾਏ ਹਨ। ਉਹਨਾਂ ਨੇ ਪੁਲਿਸ ਨੂੰ ਆਖਿਆ ਕਿ ਉਹ ਫਲਿੱਪਕਾਰਟ ਦੇ ਖਿਲਾਫ ਕੇਸ ਦਰਜ ਕਰੇ ਅਤੇ ਬਿਨਾਂ ਦੇਰੀ ਦੇ ਕਾਰਵਾਈ ਕਰੇ। ਉਹਨਾਂ ਕਿਹਾ ਕਿ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਧਾਰਾ 295 ਏ ਆਈ ਪੀ ਸੀ ਤਹਿਤ ਉਹਨਾਂ ਖਿਲਾਫ ਕੇਸ ਦਰਜ ਹੋਵੇ ਜੋ ਵਾਰ ਵਾਰ ਅਜਿਹੀ ਕੁਤਾਹੀ ਕਰ ਰਹੇ ਹਨ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਉਹਨਾਂ ਕਿਹਾ ਕਿ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਕੇਸ ਦਾ ਮੁਕੱਦਮਾ ਛੇਤੀ ਤੋਂ ਛੇਤੀ ਚੱਲੇ ਤੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਡੱਕਿਆ ਜਾਵੇ। ਸ੍ਰੀ ਸਿਰਸਾ ਨੇ ਇਹ ਵੀ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ 'ਤੇ ਪੱਤਰ ਲਿਖਣਗੇ ਤੇ ਅਜਿਹੀਆਂ ਕੰਪਨੀਆਂ ਲਈ ਦਿਸ਼ਾ ਨਿਰਦੇਸ਼ ਤੈਅ ਕਰਨ ਵਾਸਤੇ ਆਖਣਗੇ ਜੋ ਕਿ ਧਾਰਮਿਕ ਮੈਟੀਰੀਅਲ, ਤਸਵੀਰਾਂ ਤੇ ਵੀਡੀਓ ਵਰਤਦੀਆਂ ਹਨ ਤਾਂ ਜੋ ਕਿ ਕਿਸੇ ਵੀ ਫਿਰਕੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।