ਲਾਂਘਾ ਖੋਲ੍ਹਣ ਬਾਰੇ ਪਾਕਿਸਤਾਨ ਦੇ ਫੈਸਲੇ ਦਾ ਐਸਜੀਪੀਸੀ ਵੱਲੋਂ ਸੁਆਗਤ

ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਲਈ ਬਾਰਡਰ 'ਤੇ ਲਾਂਘਾ ਖੋਲ੍ਹਣ ਦੇ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇਕਰ ਇਹ ਲਾਂਘਾ ਖੋਲ੍ਹ ਦਿੱਤਾ ਜਾਵੇ ਤਾਂ ਉਹ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੇ ਸ਼ੁੱਕਰਗੁਜ਼ਾਰ ਹੋਣਗੇ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਇਸ ਲਾਂਘੇ ਨੂੰ ਜਲਦੀ ਖੁੱਲ੍ਹਵਾਇਆ ਜਾਵੇ। ਇਸ ਮੌਕੇ ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕੀਤਾ ਤੇ ਅਪੀਲ ਵੀ ਕੀਤੀ ਕਿ ਸੰਗਤਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਸਾਹਿਬ ਦਾ ਇਹ ਲਾਂਘਾ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਲਾਂਗੇ ਨੂੰ ਪੱਕਾ ਕਰਨ ਤੇ ਇਸ ਦੀ ਸਜਾਵਟ ਲਈ ਐਸਜੀਪੀਸੀ ਵੱਲੋਂ ਉੱਦਮ ਕੀਤਾ ਜਾਵੇਗਾ। ਲੌਂਗੋਵਾਲ ਨੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਸ ਵਿੱਚ ਜੋ ਵੀ ਕਾਨੂੰਨੀ ਅੜਿੱਚਣ ਆਉਂਦੀ ਹੈ, ਉਸ ਨੂੰ ਜਲਦੀ ਦੂਰ ਕਰਕੇ ਸੰਗਤਾਂ ਦੀ ਇਸ ਮੰਗ ਨੂੰ ਪੂਰਾ ਕੀਤਾ ਜਾਵੇ।