ਇਸ ਕਰਕੇ ਨਹੀਂ ਹੋ ਰਹੀ ਬਰਗਾੜੀ ਕਾਂਡ ਦੇ ‘ਦੋਸ਼ੀ` ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ

ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਇਨ੍ਹਾਂ ਦੋਵੇਂ ਘਟਨਾਵਾਂ ਲਈ ਪੁਲਿਸ ਅਧਿਕਾਰੀਆਂ ਖਿ਼ਲਾਫ਼ ਵੱਖੋ-ਵੱਖਰੀਆਂ ਐੱਫ਼ਆਈਆਰ ਦਾਇਰ ਕੀਤੇ ਜਾਣ ਦੀਆਂ ਗ੍ਰਹਿ ਵਿਭਾਗ ਦੀਆਂ ਸਿਫ਼ਾਰਸ਼ਾਂ `ਤੇ ਇਤਰਾਜ਼ ਕੀਤਾ ਹੈ। ਕੋਟਕਪੂਰਾ `ਚ ਕੁਝ ਵਿਅਕਤੀ ਮਾਰੇ ਗਏ ਸਨ, ਜਦੋਂ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਕਰਦੇ ਹੋਏ ਗੋਲੀਆਂ ਚਲਾ ਦਿੱਤੀਆਂ ਸਨ। ਕੁਝ ਘੰਟਿਆਂ ਬਾਅਦ ਬਹਿਬਲ ਕਲਾਂ ਪਿੰਡ `ਚ ਰੋਸ ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਾਲੇ ਵੱਖਰਾ ਝਗੜਾ ਹੋਇਆ ਸੀ, ਜਿੱਥੇ ਦੋ ਮੁਜ਼ਾਹਰਾਕਾਰੀ ਮਾਰੇ ਗਏ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਪਹਿਲਾਂ ਤੋਂ ਦਰਜ ਐੱਫ਼ਆਈਆਰਜ਼ ਵਿੱਚ ਹੀ ਨਾਮਜ਼ਦ ਕੀਤਾ ਜਾਵੇ। ਇਸ ਸਾਰੇ ਘਟਨਾਕ੍ਰਮ ਨਾਲ ਜੁੜੇ ਰਹੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ,‘ਇਹੋ ਸਹੀ ਕਾਰਜ-ਵਿਧੀ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਇੱਕ ਕੇਸ ਦੇ ਤੌਰ `ਤੇ ਚੱਲੇਗੀ ਕਿਉਂਕਿ ਦੋਵੇਂ ਧਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ `ਤੇ ਇੱਕ ਵਿਰੋਧੀ ਧਿਰ ਨੇ ਹਮਲਾ ਕੀਤਾ ਸੀ। ਜੇ ਸਬੰਧਤ ਪੁਲਿਸ ਅਧਿਕਾਰੀਆਂ ਵਿਰੁੱਧ ਵੱਖਰੀ ਐੱਫ਼ਆਈਆਰ ਦਾਇਰ ਕੀਤੀ ਜਾਂਦੀ ਹੈ, ਤਾਂ ਇਹ ਕਾਰਜ-ਵਿਧੀਆਂ ਦੇ ਉਲਟ ਹੋਵੇਗਾ ਅਤੇ ਇਹ ਵੀ ਹੋ ਸਕਦਾ ਹੈ ਕਿ ਪੁਲਿਸ ਅਧਿਕਾਰੀਆਂ ਨਾਲ ਨਿਆਂ ਨਾ ਹੋਵੇ।` ਉੱਚ ਅਧਿਕਾਰੀ ਨੇ ਇਹ ਸਪੱਸ਼ਟ ਕੀਤਾ ਕਿ ਸੁਪਰੀਮ ਕੋਰਟ ਦੇ ਬਹੁਤ ਸਾਰੇ ਫ਼ੈਸਲੇ ਅਜਿਹੇ ਆ ਚੁੱਕੇ ਹਨ, ਜਿਨ੍ਹਾਂ `ਚ ਇਹੋ ਆਖਿਆ ਜਾਂਦਾ ਰਿਹਾ ਹੈ ਕਿ ਕਿਸੇ ਇੱਕ ਘਟਨਾ ਲਈ ਦੋ ਐੱਫ਼ਆਈਆਰਜ਼ ਦਾਇਰ ਨਹੀਂ ਕੀਤੀਆਂ ਜਾ ਸਕਦੀਆਂ। ਡੀਜੀਪੀ ਦਫ਼ਤਰ ਵੱਲੋਂ ਅਜਿਹੇ ਇਤਰਾਜ਼ਾਂ ਬਾਰੇ ਇੱਕ ਵਿਸਤ੍ਰਿਤ ਨੋਟ ਤਿਆਰ ਕਰ ਕੇ ਗ੍ਰਹਿ ਵਿਭਾਗ ਨੂੰ ਭੇਜਿਆ ਗਿਆ ਹੈ। 14 ਅਕਤੂਬਰ ਨੂੰ ਬਰਗਾੜੀ ਵਿਖੇ ਪੁਲਿਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਬਾਜਾਖਾਨਾ ਪੁਲਿਸ ਥਾਣੇ `ਚ ਦੋ ਐੱਫ਼ਆਈਆਰਜ਼ ਨੰਬਰ 129 ਅਤੇ 130 ਦਾਇਰ ਕੀਤੀਆਂ ਗਈਆਂ ਸਨ; ਉੱਚ ਪੁਲਿਸ ਅਧਿਕਾਰੀ ਪਹਿਲਾਂ ਉਨ੍ਹਾਂ `ਤੇ ਵੀ ਇਤਰਾਜ਼ ਪ੍ਰਗਟਾ ਚੁੱਕੇ ਹਨ। ਪਹਿਲੀ ਐੱਫ਼ਆਈਆਰ 14 ਅਕਤੂਬਰ ਨੂੰ਼ ਦਾਇਰ ਹੋਈ ਸੀ, ਜਿਸ ਵਿੱਚ ਕਾਤਲਾਨਾ ਹਮਲੇ ਦੇ ਦੋਸ਼ ਪੁਲਿਸ ਦੀ ਸਿ਼ਕਾਇਤ `ਤੇ ਦਰਜ ਕੀਤੇ ਗਏ ਸਨ। ਇਹ ਦੋਸ਼ ਲਾਇਆ ਗਿਆ ਸੀ ਕਿ ਮੁਜ਼ਾਹਰਾਕਾਰੀਆਂ ਦੀ ਇੱਕ ਟੋਲੀ ਨੇ ਪਹਿਲਾਂ ਬਹਿਬਲ ਕਲਾਂ ਵਿਖੇ ਪੁਲਿਸ ਦੀਆਂ ਗੱਡੀਆਂ `ਤੇ ਹਮਲਾ ਕੀਤਾ ਸੀ ਤੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਉਸ ਤੋਂ ਬਾਅਦ 21 ਅਕਤੂਬਰ ਨੂੰ ਏਡੀਜੀਪੀ ਆਈਪੀਐੱਸ ਸਹੋਤਾ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ ਦੀਆਂ ਸਿਫ਼ਾਰਸ਼ਾਂ `ਤੇ ਅਣਪਛਾਤੇ ਪੁਲਿਸ ਅਧਿਕਾਰੀਆਂ ਖਿ਼ਲਾਫ਼ ਕਾਤਲਾਨਾ ਹਮਲੇ ਦੀ ਕੋਸਿ਼ਸ਼ ਦਾ ਮਾਮਲਾ ਨੰਬਰ 130 ਦਰਜ ਕੀਤਾ ਗਿਆ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਹਿਬਲ ਕਲਾਂ ਕਾਂਡ ਵਿੱਚ ਵੀ ਇੱਕੋ ਵਾਰਦਾਤ ਲਈ ਦੋ ਐੱਫ਼ਆਈਆਰਜ਼ ਦਾਇਰ ਹੋਈਆਂ ਸਨ ਤੇ ਉਨ੍ਹਾਂ ਦੀ ਵੀ ਕੋਈ ਕਾਨੂੰਨੀ ਤੁਕ ਤੇ ਵੈਧਤਾ ਨਹੀਂ ਹੈ।