ਗਿਆਨੀ ਗੁਰੁਮੱਖ ਸਿੰਘ ਨੂੰ ਮੁੜ ਸ੍ਰੀ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ ਲਗਾਇਆ

ਭਾਈ ਮਲਕੀਅਤ ਸਿੰਘ ਨੂੰ ਤਰੱਕੀ ਦੇ ਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਨਿਯੁਕਤ ਕੀਤਾ ਅੰਮ੍ਰਿਤਸਰ 3 ਅਗਸਤ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਦੀ ਤਰੱਕੀ ਕਰਕੇ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਤੇ ਉਹਨਾਂ ਦੀ ਜਗ•ਾ ਤੇ ਪਿਛਲੇ ਸਮੇਂ ਦੌਰਾਨ ਵਿਵਾਦਾਂ ਵਿੱਚ ਰਹੇ ਗਿਆਨੀ ਗੁਰਮੁੱਖ ਸਿੰਘ ਨੂੰ ਮੁੜ ਸ੍ਰੀ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ ਨਿਯੁਕਤ ਕਰ ਦਿੱਤਾ ਹੈ ਤੇ ਉਹ ਹਰਿਆਣੇ ਤੋ ਵਾਪਸ ਪਰਤ ਰਹੇ ਹਨ ਤੇ ਅੱਜ ਵੀ ਆਪਣਾ ਚਾਰਜ ਸੰਭਾਲ ਲੈਣਗੇ। ਸੌਦਾ ਸਾਧ ਨੂੰ ਮੁਆਫੀ ਦਿੱਤੇ ਜਾਣ ਤੋ ਬਾਅਦ ਤੱਤਕਾਲੀ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨਾਲ ਹੋਈਆ ਚੰਡੀਗੜ• ਵਿਖੇ ਮੀਟਿੰਗਾਂ ਦੀ ਪਟਾਰੀ ਜਨਤਾ ਦੀ ਕਚਿਹਰੀ ਵਿੱਚ ਖੋਹਲਣ ਵਾਲੇ ਤੱਤਕਾਲੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਕਾਰਜਕਾਰੀ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੂੰ ਪਹਿਲਾ ਜਥੇਦਾਰੀ ਤੋ ਹਟਾ ਕੇ ਉਹਨਾਂ ਦਾ ਥਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਤੇ ਫਿਰ ਗਿਆਨੀ ਗੁਰਮੁੱਖ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਤੋ ਵੀ ਹਟਾ ਕੇ ਹਰਿਆਣਾ ਦੇ ਇੱਕ ਗੁਰਦੁਆਰਾ ਵਿੱਚ ਹੈਡ ਗ੍ਰੰਥੀ ਲਗਾ ਦਿੱਤਾ ਸੀ ਤੇ ਕਰੀਬ ਦੋ ਸਾਲ ਦਾ ਲੰਮਾ ਸੰਤਾਪ ਭੋਗਣ ਉਪਰੰਤ ਉਹਨਾਂ ਦੀ ਘਰ ਵਾਪਸੀ ਹੋਈ ਹੈ। ਇਹ ਘਰ ਵਾਪਸੀ ਕਿਹੜੇ ਸਮਝੌਤੇ ਤਹਿਤ ਹੋਈ ਹੈ ਇਸ ਦੀ ਕੋਈ ਜਾਣਕਾਰੀ ਨਹੀ ਪਰ ਇੰਨਾ ਜਰੂਰ ਹੈ ਕਿ ਸ੍ਰ ਬਾਦਲ ਦੀ ਇੱਛਾ ਤੋ ਬਗੈਰ ਇਹ ਕਾਰਜ ਨਹੀ ਹੋ ਸਕਦਾ। ਗਿਆਨੀ ਗੁਰਮੁੱਖ ਸਿੰਘ ਗੁਰਦੁਆਰਾ ਪਿੱਪਲੀ ਸਾਹਿਬ ਵਿਖੇ ਹੈਡ ਗ੍ਰੰਥੀ ਸਨ ਤੇ ਉਹਨਾਂ ਨੂੰ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਦੀ ਸਿਫਾਰਸ਼ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹਲਾਂ ਗ੍ਰੰਥੀ ਤੇ ਫਿਰ ਹੈਡ ਗ੍ਰੰਥੀ ਲਗਾਇਆ ਗਿਆ ਸੀ। ਉਸ ਤੋ ਬਾਅਦ ਜਦੋ ਗਿਆਨੀ ਬਲਵੰਤ ਸਿੰਘ ਨੰਦਗੜ• ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰੀ ਤੋ ਫਾਰਗ ਕੀਤਾ ਗਿਆ ਤਾਂ ਉਹਨਾਂ ਦੀ ਜਗ•ਾ ਤੇ ਗਿਆਨੀ ਗੁਰਮੁੱਖ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਦੇ ਨਾਲ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਾਰਜਕਾਰੀ ਜਥੇਦਾਰ ਲਗਾ ਦਿੱਤਾ ਗਿਆ ਪਰ 2015 ਵਿੱਚ ਸੌਦਾ ਸਾਧ ਨੂੰ ਦਿੱਤੀ ਬਿਨ ਮੰਗਿਆ ਨੂੰ ਲੈ ਕੇ ਗਿਆਨੀ ਗੁਰਮੁੱਖ ਸਿੰਘ ਕਾਫੀ ਬੋਝ ਮਹਿਸੂਸ ਕਰਦੇ ਸਨ ਤੇ ਉਹਨਾਂ ਨੇ ਸੱਚਾਈ ਪੱਤਰਕਾਰਾਂ ਦੇ ਸਾਹਮਣੇ ਰੱਖ ਦਿੱਤੀ ਤਾਂ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਵੱਲੋ ਉਹਨਾਂ ਦਾ ਤਬਾਦਲਾ ਹਰਿਆਣਾ ਵਿੱਚ ਕਰ ਦਿੱਤਾ ਗਿਆ ਤੇ ਉਹਨਾਂ ਦੇ ਭਰਾ ਦੀ ਹਿੰਮਤ ਸਿੰਘ ਦੀ ਗ੍ਰੰਥੀ ਦੇ ਆਹੁਦੇ ਤੋ ਛੁੱਟੀ ਵੀ ਕਰ ਦਿੱਤੀ ਗਈ ਸੀ। ਗਿਆਨੀ ਗੁਰੁਮੱਖ ਸਿੰਘ ਨੂੰ ਇੱਕ ਦਮ ਫੈਸਲਾ ਕਰਕੇ ਮੁੜ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਜਾਣਾ ਹੈਰਾਨਜਨਕ ਫੈਸਲਾ ਹੈ ਉਹ ਕਰੀਬ ਦੋ ਸਾਲ ਦੇ ਬਨਬਾਸ ਤੋ ਬਾਅਦ ਘਰ ਵਾਪਸ ਪਰਤ ਰਹੇ ਹਨ। ਜਦੋਂ ਗਿਆਨੀ ਗੁਰਮੁੱਖ ਸਿੰਘ ਨੇ ਸੌਦਾ ਸਾਧ ਦੀ ਮੁਆਫੀ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ ਸੀ ਤਾਂ ਉਸ ਸਮੇਂ ਤਾਂ ਇੰਜ ਜਾਪਦਾ ਸੀ ਕਿ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਵੇਗੀ ਪਰ ਡਾ ਦਲਜੀਤ ਸਿੰਘ ਚੀਮਾ ਨੇ ਉਹਨਾਂ ਦਾ ਬਚਾ ਕਰ ਦਿੱਤਾ ਸੀ। ਉਸ ਸਮੇਂ ਉਹਨਾਂ ਕੋਲ ਮਕਾਨ ਖਾਲੀ ਕਰਾਉਣ ਦੇ ਵੀ ਯਤਨ ਕੀਤੇ ਗਏ ਤੇ ਉਹਨਾਂ ਦੇ ਘਰ ਦਾ ਬਿਜਲੀ ਪਾਣੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ। ਇਸ ਤੋ ਪਹਿਲਾਂ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਰਗਾੜੀ ਕਾਂਡ ਦੇ ਦੋਸ਼ੀਆ ਨੂੰ ਸਜ਼ਾਵਾਂ ਨਾ ਦੇਣ ਕਰਕੇ ਅਰਦਾਸੀਏ ਬਲਬੀਰ ਸਿੰਘ ਨੇ ਮੱਥਾ ਟੇਕਣ ਸਮੇਂ ਸਿਰੋਪਾ ਦੇਣ ਤੋ ਇਨਕਾਰ ਕਰ ਦਿੱਤਾ ਤੇ ਤੱਤਕਾਲੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਉਹਨਾਂ ਨੂੰਮੁਅੱਤਲ ਕਰਕੇ ਉਹਨਾਂ ਦਾ ਵੀ ਹੈਡ ਕੁਆਟਰ ਪੰਜਾਬ ਤੋ ਬਾਹਰ ਬਣਾ ਦਿੱਤਾ ਸੀ ਪਰ ਉਹਨਾਂ ਨੇ ਉਥੇ ਜਾਣ ਤੋ ਇਨਕਾਰ ਕਰ ਦਿੱਤਾ ਸੀ। ਪੰਜਾਬ ਵਿੱਚੋ ਅਕਾਲੀ ਸਰਕਾਰ ਦਾ ਭੋਗ ਪੈਣ ਤੇ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਪ੍ਰਧਾਨ ਬਨਣ ਉਪਰੰਤ ਜਿਥੇ ਭਾਈ ਬਲਬੀਰ ਸਿੰਘ ਦੀ ਮੁਅੱਤਲੀ ਤੋ ਬਹਾਲ ਕੀਤਾ ਉਥੇ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਦੀ ਸੇਵਾ ਸੌਂਪ ਦਿੱਤੀ ਤਾਂ ਕਿ ਉਸ ਸਮੇਂ ਤਾਂ ਕਿਸੇ ਨੇ ਸਿਰੋਪਾ ਲੈਣ ਨਹੀ ਆਉਣਾ ਹੁੰਦਾ। ਭਾਈ ਬਲਬੀਰ ਸਿੰਘ 31 ਜੁਲਾਈ 2018 ਨੂੰ ਹੀ ਸੇਵਾ ਮੁਕਤ ਹੋਏ ਹਨ। ਇਸੇ ਤਰ•ਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਪਿਆਰਿਆ ਨੂੰ ਇਸ ਕਰਕੇ ਵੀ ਸੇਵਾ ਮੁਕਤ ਕਰ ਦਿੱਤਾ ਸੀ ਕਿਉਕਿ ਉਹਨਾਂ ਨੇ ਵੀ ਬਰਗਾੜੀ ਕਾਂਡ ਲਈ ਬਾਦਲ ਸਰਕਾਰ ਤੇ ਸੌਦਾ ਸਾਧ ਨੂੰ ਮੁਆਫੀ ਦੇਣ ਲਈ ਤਖਤਾਂ ਦੇ ਜਥੇਦਾਰਾਂ ਦਾ ਵਿਰੋਧ ਕੀਤਾ ਸੀ। ਗਿਆਨੀ ਗੁਰਮੁੱਖ ਸਿੰਘ ਦੀ ਘਰ ਵਾਪਸੀ ਤੋ ਬਾਅਦ ਪੰਜ ਪਿਆਰਿਆ ਦੀਆ ਸੇਵਾਵਾਂ ਵੀ ਕਿਸੇ ਵੇਲੇ ਵੀ ਬਹਾਲ ਹੋ ਸਕਦੀਆ ਹਨ। ਸੰਨ 1984 ਵਿੱਚ ਭਾਰਤੀ ਫੌਜ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੇ ਜਾਣ ਉਪਰੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਕਾਰ ਸੇਵਾ ਕਰਾਉਣ ਵਾਲੇ ਨਿਹੰਗ ਮੁੱਖੀ ਬਾਬਾ ਸੰਤਾ ਸਿੰਘ ਨੂੰ ਜਦੋਂ ਪੰਥ ਤੋ ਛੇਕ ਦਿੱਤਾ ਗਿਆ ਤਾਂ ਉਹ 17 ਸਾਲ ਆਪਣੇ ਆਪ ਨੂੰ ਜਥੇਦਾਰ ਅਕਾਲ ਤਖਤ ਦੱਸਦੇ ਰਹੇ ਤੇ ਅਖੀਰ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਤਨਖਾਹ ਲਗਵਾਈ ਸੀ। ਇਸ ਸਮੇਂ ਜਦੋਂ ਬਾਬਾ ਸੰਤਾ ਸਿੰਘ ਨੂੰ ਜਦੋ ਪੁੱਛਿਆ ਗਿਆ ਕਿ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਕਿਉ ਹੋਏ ਹਨ? ਉਹਨਾਂ ਕਿਹਾ ਸੀ ਕਿ ਉਹ ਆਪਣੇ ਦਿਮਾਗ ਤੇ ਕੋਈ ਬੋਝ ਇਸ ਦੁਨੀਆ ਨਹੀ ਲੈ ਜਾਣਾ ਚਾਹੁੰਦੇ ਸਨ। ਇੰਜ ਲੱਗਦਾ ਹੈ ਕਿ ਸ੍ਰ ਬਾਦਲ ਵੀ ਬਾਬਾ ਸੰਤਾ ਸਿੰਘ ਦੇ ਪੂਰਣਿਆ ਤੇ ਚੱਲ ਕੇ ਆਪਣਾ ਅੱਗਾ ਸੰਵਾਰਨ ਦੇ ਯਤਨ ਕਰ ਰਹੇ ਹਨ। ਇਸ ਤੋ ਪਹਿਲਾਂ 2000 ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਪੂਰਣ ਸਿੰਘ ਨੂੰ ਇਸ ਕਰਕੇ ਲਾਹ ਦਿੱਤਾ ਸੀ ਕਿਉਕਿ ਉਸ ਨੇ ਵੀ ਬੀਬੀ ਜਗੀਰ ਕੌਰ ਨੂੰ ਪੰਥ ਵਿਰੋਧੀ ਗਤੀਵਿਧੀਆ ਕਰਨ ਦੇ ਦੋਸ਼ ਪੰਥ ਵਿੱਚੋ ਛੇਕਣ ਦਾ ਫੈਸਲਾ ਲੈ ਲਿਆ ਤੇ ਉਹਨਾਂ ਦੁਆਰਾ ਲਏ ਹੁਕਮਨਾਮੇ ਉਹਨਾਂ ਦੀ ਜਗ•ਾ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਨਿਯੁਕਤ ਕਰਕੇ ਵਪਾਸ ਕਰਵਾ ਲੈ ਸਨ। ਗਿਆਨੀ ਪੂਰਨ ਸਿੰਘ ਦਾ ਤਬਾਬਲਾ ਮੁਕਤਸਰ ਵਿਖੇ ਕਰ ਦਿੱਤਾ ਸੀ ਪਰ ਉਹ ਵੀ ਡਿਊਟੀ ਤੇ ਹਾਜਰ ਨਹੀ ਹੋਏ ਸਨ ਤੇ ਅਗਲੇ ਨਵੰਬਰ 2000 ਵਿੱਚ ਜਦੋ ਜਥੇਦਾਰ ਜਗਦੇਵ ਸਿੰਘ ਤਲਵੰਡੀ ਪ੍ਰਧਾਨ ਬਣੇ ਤਾਂ ਉਹਨਾਂ ਨੇ ਗਿਆਨੀ ਪੂਰਣ ਸਿੰਘ ਦਾ ਤਬਾਦਲਾ ਰੱਦ ਕਰਕੇ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈਡ ਗ੍ਰੰਥਾ ਲਗਾ ਦਿੱਤਾ ਸੀ।