ਸਮਾਣਾ ਲਾਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਹੇਠ 51 ਸਾਲਾ ਔਰਤ ਕਾਬੂ

ਸਮਾਣਾ ਸਬ-ਡਿਵੀਜ਼ਨ ਦੇ ਪਿੰਡ ਖੇੜੀ ਫੱਤਾਂ ਦੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਅੰਗ ਪਾੜਨ ਦੇ ਦੋਸ਼ ਹੇਠ 51 ਸਾਲਾਂ ਦੀ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੀ ਸ਼ਨਾਖ਼ਤ ਮੁੰਨੀ ਦੇਵੀ ਵਜੋਂ ਹੋਈ ਹੈ; ਜੋ ਬਿਜਲਪੁਰ ਦੀ ਰਹਿਣ ਵਾਲੀ ਹੈ। ਪਿੰਡ ਵਾਸੀਆਂ ਨੇ ਉਸ ਨੂੰ ਇਹ ਅਪਰਾਧ ਕਰਦਿਆਂ ਰੰਗੇ ਹੱਥੀਂ ਫੜਿਆ। ਪੁਲਿਸ ਅਨੁਸਾਰ ਇਹ ਘਟਨਾ ਉਦੋਂ ਵਾਪਰੀ, ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਨਹੀਂ ਸੀ। ਇੱਕ ਪੁਲਿਸ ਅਧਿਕਾਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਔਰਤ ਕਥਿਤ ਤੌਰ `ਤੇ ਪੌੜੀਆਂ ਚੜ੍ਹ ਕੇ ਉਸ ਕਮਰੇ `ਚ ਗਈ, ਜਿੱਥੇ ਪਵਿੱਤਰ ਧਾਰਮਿਕ ਸਾਹਿਤ ਦੇ ਸਰੂਪ, ਬੀੜਾਂ ਤੇ ਹੋਰ ਸਮੱਗਰੀ ਮੌਜੂਦ ਹੁੰਦੀ ਹੈ। ਮੁਲਜ਼ਮ ਔਰਤ ਨੇ ਕਥਿਤ ਤੌਰ `ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਨੰਬਰ 674 ਅਤੇ 675 ਪਾੜ ਕੇ ਆਪਣੇ ਬੈਗ ਵਿੱਚ ਰੱਖ ਲਏ ਤੇ ਛੇਤੀ-ਛੇਤੀ ਪੌੜੀਆਂ ਉੱਤਰ ਆਈ। ਫਿਰ ਉਹ ਗੁਰੂਘਰ `ਚ ਬੈਠ ਗਈ ਤੇ ਇੰਝ ਦਰਸਾਉਣ ਲੱਗੀ, ਜਿਵੇਂ ਉਹ ਅਰਦਾਸ ਕਰ ਰਹੀ ਹੋਵੇ। ਇਸੇ ਦੌਰਾਨ ਜਦੋਂ ਗੁਰੂਘਰ ਦੇ ਗ੍ਰੰਥੀ ਕਿਸੇ ਕੰਮ ਲਈ ਉੱਪਰ ਗਏ, ਤਾਂ ਉਨ੍ਹਾਂ ਪਵਿੱਤਰ ਬੀੜ ਦੇ ਅੰਗ ਗ਼ਾਇਬ ਵੇਖੇ। ਉਨ੍ਹਾਂ ਤੁਰੰਤ ਰੌਲ਼ਾ ਪਾਇਆ, ਜਿਸ ਤੋਂ ਬਾਅਦ ਪਿੰਡ ਵਾਸੀ ਉੱਥੇ ਇਕੱਠੇ ਹੋ ਗਏ। ਉਨ੍ਹਾਂ ਨੇ ਮੁੰਨੀ ਦੇਵੀ ਦਾ ਬੈਗ ਚੈੱਕ ਕੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਅੰਗ ਉਸ `ਚ ਪਏ ਪਾਏ ਗਏ। ਤਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਸਮਾਣਾ ਸਦਰ ਪੁਲਿਸ ਥਾਣੇ ਦੇ ਐੱਸਐੱਚਓ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਆਖ਼ਰ ਇਸ ਵਾਰਦਾਤ ਦਾ ਅਸਲ ਮੰਤਵ ਕੀ ਸੀ।